1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਟ੍ਰੂਡੋ ਦੀ ਮੌਜੂਦਗੀ ‘ਚ ਖ਼ਾਲਿਸਤਾਨ ਦੇ ਨਾਅਰੇ ਲੱਗਣ ’ਤੇ ਭਾਰਤ ਨੇ ਕੈਨੇਡੀਅਨ ਡਿਪਲੋਮੈਟ ਨੂੰ ਤਲਬ ਕੀਤਾ

ਟੋਰੌਂਟੋ ਵਿਚ ਵਿਸਾਖੀ ਨੂੰ ਸਮਰਪਿਤ ਆਯੋਜਨ ਵਿਚ ਟ੍ਰੂਡੋ ਸਣੇ ਕਈ ਸਿਆਸੀ ਲੀਡਰ ਮੌਜੂਦ ਸਨ

10 ਸਤੰਬਰ 2023 ਨੂੰ ਦਿੱਲੀ ਵਿਚ ਜੀ-20 ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ।

10 ਸਤੰਬਰ 2023 ਨੂੰ ਦਿੱਲੀ ਵਿਚ ਜੀ-20 ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ।

ਤਸਵੀਰ: AP / Sean Kilpatrick

RCI

ਭਾਰਤ ਨੇ ਸੋਮਵਾਰ ਨੂੰ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਮੌਜੂਦਗੀ ‘ਚ ਟੋਰੌਂਟੋ ਵਿੱਖੇ ਇਕ ਸਮਾਗਮ ਦੌਰਾਨ ਖ਼ਾਲਿਸਤਾਨ ਪੱਖੀ ਨਾਅਰੇ ਲਗਾਏ ਜਾਣ ‘ਤੇ “ਡੂੰਘੀ ਚਿੰਤਾ ਅਤੇ ਸਖ਼ਤ ਵਿਰੋਧ ਦਾ ਪ੍ਰਗਟਾਵਾ ਕੀਤਾ”।

ਭਾਰਤੀ ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈੱਸ ਰਿਲੀਜ਼ (ਨਵੀਂ ਵਿੰਡੋ) ਵਿਚ ਕਿਹਾ ਕਿ ਸਮਾਗਮ ’ਚ ਖ਼ਾਲਿਸਾਨ ਦੇ ਨਾਅਰੇ ਲਾਉਣ ਦਾ ਵਰਤਾਰਾ ਇਕ ਵਾਰ ਫ਼ਿਰ ਉਸ ਸਿਆਸੀ ਜਗ੍ਹਾ ਨੂੰ ਦਰਸਾਉਂਦਾ ਹੈ ਜੋ ਕੈਨੇਡਾ ’ਚ ਵੱਖਵਾਦ, ਅੱਤਵਾਦ ਅਤੇ ਹਿੰਸਾ ਨੂੰ ਦਿੱਤੀ ਗਈ ਹੈ।

ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਪਿਛਲੇ ਸਾਲ ਉਦੋਂ ਕੜਵਾਹਟ ਆ ਗਈ ਸੀ, ਜਦੋਂ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇੱਕ ਸਿੱਖ ਕਾਰਕੁਨ ਅਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਇਲਜ਼ਾਮ ਲਗਾਇਆ ਸੀ।

ਹਰਦੀਪ ਸਿੰਘ ਨਿੱਝਰ ਨੂੰ 18 ਜੂਨ 2023 ਨੂੰ ਸਰੀ ਦੇ ਇੱਕ ਗੁਰਦੂਆਰੇ ਦੇ ਪਾਰਕਿੰਗ ਲੌਟ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਨਿੱਝਰ ਇੱਕ ਵੱਖਰੇ ਸਿੱਖ ਦੇਸ਼ ਦਾ ਹਿਮਾਇਤੀ ਸੀ ਅਤੇ ਭਾਰਤ ਸਰਕਾਰ ਨੇ 2020 ਵਿਚ ਨਿੱਝਰ ਨੂੰ ਅੱਤਵਾਦੀ ਐਲਾਨ ਦਿੱਤਾ ਸੀ।

ਭਾਰਤ ਨਿੱਝਰ ਦੇ ਕਤਲ ਵਿਚ ਕਿਸੇ ਕਿਸਮ ਦੀ ਭੂਮਿਕਾ ਤੋਂ ਇਨਕਾਰ ਕਰਦਾ ਰਿਹਾ ਹੈ।

28 ਅਪ੍ਰੈਲ ਨੂੰ ਟੋਰੌਂਟੋ ਵਿਚ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ ਵਿਚ ਟ੍ਰੂਡੋ ਨੇ ਸ਼ਿਰਕਤ ਕੀਤੀ ਸੀ। ਇਸ ਸਮਾਗਮ ਦੀ ਇੰਟਰਨੈੱਟ ‘ਤੇ ਮੌਜੂਦ ਵੀਡੀਓ ਵਿਚ ਟ੍ਰੂਡੋ ਦੇ ਭਾਸ਼ਣ ਤੋਂ ਪਹਿਲਾਂ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਸੁਣੇ ਜਾ ਸਕਦੇ ਹਨ।

ਸਿੱਖ ਭਾਈਚਾਰੇ ਨੂੰ ਆਪਣੇ ਸੰਬੋਧਨ ਵਿਚ ਟ੍ਰੂਡੋ ਨੇ ਕਿਹਾ ਕਿ ਉਹ ਸਿੱਖ ਭਾਈਚਾਰੇ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਲਈ ਹਮੇਸ਼ਾ ਮੌਜੂਦ ਰਹਿਣਗੇ ਅਤੇ ਨਫਰਤ ਤੇ ਵਿਤਕਰੇ ਦੇ ਵਿਰੁੱਧ ਭਾਈਚਾਰੇ ਦੀ ਰਾਖੀ ਕਰਨਗੇ।

ਟੋਰੌਂਟੋ ਦੇ ਇਸ ਸਮਾਗਮ ਵਿਚ ਟ੍ਰੂਡੋ ਤੋਂ ਇਲਾਵਾ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਸਣੇ ਕਈ ਹੋਰ ਸਿਆਸੀ ਸ਼ਖ਼ਸੀਅਤਾਂ ਮੌਜੂਦ ਸਨ।

ਇਸ ਖ਼ਬਰ ਦੇ ਨਸ਼ਰ ਹੋਣ ਤੱਕ ਕੈਨੇਡੀਅਨ ਵਿਦੇਸ਼ ਮੰਤਰਾਲੇ ਨੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ।

ਰੋਏਟਰਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ