1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 24 ਘੰਟਿਆਂ ਤੱਕ ਕੰਮ ਕਰਨ ਦੀ ਹੋਵੇਗੀ ਇਜਾਜ਼ਤ

30 ਅਪ੍ਰੈਲ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਥਾਈ ਤੌਰ ‘ਤੇ ਫ਼ੁਲ-ਟਾਈਮ ਕੰਮ ਕਰਨ ਦੀ ਮਿਲੀ ਛੋਟ ਸਮਾਪਤ ਹੋ ਰਹੀ ਹੈ

ਫ਼ੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ

ਫ਼ੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ

ਤਸਵੀਰ: La Presse canadienne / Christinne Muschi

RCI

ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਇਸ ਸਾਲ ਸਤੰਬਰ ਤੋਂ ਪ੍ਰਤੀ ਹਫ਼ਤਾ 24 ਘੰਟੇ ਤੱਕ ਔਫ਼-ਕੈਂਪਸ ਕੰਮ ਕਰਨ ਦੇ ਯੋਗ ਹੋਣਗੇ।

ਲਿਬਰਲਾਂ ਨੇ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਲਈ ਕੋਵਿਡ-19 ਮਹਾਂਮਾਰੀ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ‘ਤੇ 20-ਘੰਟੇ ਦੀ ਸੀਮਾ ਨੂੰ ਅਸਥਾਈ ਤੌਰ ‘ਤੇ ਹਟਾ ਦਿੱਤਾ ਸੀ।

ਇਹ ਅਸਥਾਈ ਛੋਟ ਮੰਗਲਵਾਰ ਨੂੰ ਖ਼ਤਮ ਹੋ ਰਹੀ ਹੈ।

ਮਿਲਰ ਨੇ ਕਿਹਾ, ਹੋਰ ਸਮਾਨ ਸੋਚ ਵਾਲੇ ਦੇਸ਼ਾਂ ਵਿੱਚ ਵਧੀਆ ਅਭਿਆਸਾਂ ਅਤੇ ਨੀਤੀਆਂ ਨੂੰ ਦੇਖਦੇ ਹੋਏ, ਉਹਨਾਂ ਵਿੱਚੋਂ ਜ਼ਿਆਦਾਤਰ ਦੇਸ਼ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ਦੀ ਗਿਣਤੀ ਨੂੰ ਸੀਮਤ ਕਰਦੇ ਹਨ। ਕੈਨੇਡਾ ਦੇ ਨਿਯਮਾਂ ਨੂੰ ਇਕਸਾਰ ਕਰਨ ਦੀ ਲੋੜ ਹੈ ਨਹੀਂ ਤਾਂ ਸਾਡੇ ਕੋਲ ਵਧੇਰੇ ਬਿਨੈਕਾਰ ਉਹ ਆਉਣਗੇ ਜਿਨ੍ਹਾਂ ਦਾ ਮੰਤਵ ਪੜ੍ਹਾਈ ਕਰਨਾ ਨਹੀਂ ਸਗੋਂ ਕੰਮ ਕਰਨਾ ਹੈ

ਸਪੱਸ਼ਟ ਕਰ ਦਵਾਂ, ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦਾ ਉਦੇਸ਼ ਪੜ੍ਹਾਈ ਕਰਨਾ ਹੈ ਨਾ ਕਿ ਕੰਮ ਕਰਨਾ ਹੈ

ਨਵੀਂ ਕੰਮ ਸੀਮਾ ਉਦੋਂ ਆਈ ਹੈ ਜਦੋਂ ਫੈਡਰਲ ਸਰਕਾਰ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ ਵਾਧੇ ਨੂੰ ਸੀਮਤ ਕਰ ਰਹੀ ਹੈ।

ਆਲੋਚਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫੁੱਲ-ਟਾਈਮ ਕੰਮ ਕਰਨ ਦੀ ਇਜਾਜ਼ਤ ਦੇਣ ਨਾਲ ਸਟੱਡੀ ਪਰਮਿਟ ਇੱਕ ਤਰ੍ਹਾਂ ਨਾਲ ਅਣਅਧਿਕਾਰਤ ਵਰਕ ਵੀਜ਼ਾ ਹੋ ਨਿੱਬੜਦਾ ਹੈ, ਜੋ ਕਿ ਇਸਦੇ ਉਦੇਸ਼ ਨੂੰ ਕਮਜ਼ੋਰ ਕਰਦਾ ਹੈ।

ਮਿਲਰ ਨੇ ਕਿਹਾ ਕਿ ਉਹਨਾਂ ਦੀ ਸਰਕਾਰ 24 ਘੰਟੇ ਦੀ ਕੈਪ ਨਿਰਧਾਰਤ ਕਰ ਰਹੀ ਹੈ ਕਿਉਂਕਿ ਇਹ ਵਾਜਬ ਜਾਪਦਾ ਹੈ ਅਤੇ ਇਸ ਨਾਲ ਵਿਦਿਆਰਥੀ ਤਿੰਨ ਪੂਰੇ ਅੱਠ-ਘੰਟੇ ਦੀਆਂ ਸ਼ਿਫਟਾਂ ਵਿੱਚ ਕੰਮ ਕਰ ਸਕਣਗੇ।

ਮਿਲਰ ਨੇ ਦੱਸਿਆ ਕਿ ਇਮੀਗ੍ਰੇਸ਼ਨ ਵਿਭਾਗ ਦੁਆਰਾ ਅੰਦਰੂਨੀ ਕੰਮ ਦਰਸਾਉਂਦਾ ਹੈ ਕਿ 80 ਪ੍ਰਤੀਸ਼ਤ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਇਸ ਸਮੇਂ ਹਫ਼ਤੇ ਵਿੱਚ 20 ਘੰਟੇ ਤੋਂ ਵੱਧ ਕੰਮ ਕਰ ਰਹੇ ਹਨ।

ਸਰਕਾਰ ਵੱਲੋਂ 24 ਘੰਟੇ ਪ੍ਰਤੀ ਹਫ਼ਤੇ ਦੀ ਕੰਮ ਦੇ ਘੰਟਿਆਂ ਦੀ ਲਿਮਿਟ ਨਿਰਧਾਰਿਤ ਹੋਣ ਤੋਂ ਪਹਿਲਾਂ, ਕੰਮ ਦੇ ਘੰਟਿਆਂ ਦੀ ਸੀਮਾ ਸਤੰਬਰ ਤੱਕ ਪ੍ਰਤੀ ਹਫ਼ਤੇ 20 ਘੰਟੇ ਹੋ ਰਹੀ ਹੈ।

ਕਲਾਸ ਵਿਚ ਐਕਟਿਵ ਦਾਖ਼ਲੇ ਤੋਂ ਪਹਿਲਾਂ, ਜਿਵੇਂ ਗਰਮੀਆਂ ਦੌਰਾਨ, ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਕਰਨ ਦੇ ਘੰਟਿਆਂ ਦੀ ਕੋਈ ਸੀਮਾ ਨਹੀਂ ਹੈ।

ਮਿੱਲਰ ਨੇ ਪਹਿਲਾਂ ਹਫ਼ਤੇ ਵਿੱਚ 30 ਘੰਟੇ ਦੀ ਲਿਮਿਟ ਸੈੱਟ ਕਰਨ ਦਾ ਵਿਚਾਰ ਪੇਸ਼ ਕੀਤਾ ਸੀ। ਹਾਲਾਂਕਿ, ਸੋਮਵਾਰ ਨੂੂੰ ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਨਾ ਫੁੱਲ-ਟਾਈਮ ਘੰਟਿਆਂ ਦੇ ਬਹੁਤ ਨੇੜੇ ਹੋਵੇਗਾ।

ਉਨ੍ਹਾਂ ਕਿਹਾ ਕਿ ਜਦੋਂ ਵਿਦਿਆਰਥੀ 30 ਘੰਟੇ ਪ੍ਰਤੀ ਹਫ਼ਤੇ ਦੇ ਪੱਧਰ ‘ਤੇ ਕੰਮ ਕਰਨਗੇ ਤਾਂ ਇਸ ਨਾਲ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ।

ਨੌਜੂਦ ਅਲ ਮੱਲੀਸ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ