1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਕੈਨੇਡੀਅਨ ਆਰਥਿਕਤਾ ਵਿਚ ਫ਼ਰਵਰੀ ਮਹੀਨੇ 0.2% ਵਾਧਾ

ਮਾਰਚ ਦੇ ਸ਼ੁਰੂਆਤੀ ਅੰਕੜਿਆਂ ਵਿਚ ਜੀਡੀਪੀ ਵਿਚ ਬਹੁਤੀ ਤਬਦੀਲੀ ਨਾ ਹੋਣ ਦਾ ਸੰਕੇਤ

ਫ਼ਰਵਰੀ ਮਹੀਨੇ ਆਵਾਜਾਈ ਤੇ ਵੇਅਰਹਾਊਸਿੰਗ ਸੈਕਟਰ ਵਿੱਚ 1.4% ਦਾ ਵਾਧਾ ਦਰਜ ਹੋਇਆ।

ਫ਼ਰਵਰੀ ਮਹੀਨੇ ਆਵਾਜਾਈ ਤੇ ਵੇਅਰਹਾਊਸਿੰਗ ਸੈਕਟਰ ਵਿੱਚ 1.4% ਦਾ ਵਾਧਾ ਦਰਜ ਹੋਇਆ।

ਤਸਵੀਰ: (Patrick Morrell/CBC)

RCI

ਸਟੈਟਿਸਟਿਕਸ ਕੈਨੇਡਾ ਦੇ ਮੰਗਲਵਾਰ ਨੂੰ ਜਾਰੀ ਹੋਏ ਅੰਕੜਿਆਂ ਅਨੁਸਾਰ ਫ਼ਰਵਰੀ ਮਹੀਨੇ ਕੈਨੇਡੀਅਨ ਅਰਥਚਾਰੇ ਵਿਚ 0.2% ਦਾ ਮਾਮੂਲੀ ਵਿਕਾਸ ਦਰਜ ਹੋਇਆ।

ਮਾਰਚ ਦੇ ਸ਼ੁਰੂਆਤੀ ਅੰਕੜਿਆਂ ਵਿਚ ਜੀਡੀਪੀ ਵਿਚ ਬਹੁਤੀ ਤਬਦੀਲੀ ਨਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

ਫ਼ਰਵਰੀ ਦੇ ਅੰਕੜੇ ਅਰਥਸ਼ਾਸਤਰੀਆਂ ਦੇ ਅਨੁਮਾਨਾਂ ਨਾਲੋਂ ਹੇਠਾਂ ਹਨ। ਜਨਵਰੀ ਦੌਰਾਨ ਅਰਥਚਾਰੇ ਵਿਚ 0.5% ਦਾ ਵਾਧਾ ਦਰਜ ਹੋਇਆ ਸੀ। ਇਹ ਵਾਧਾ ਕਿਊਬੈਕ ਵਿੱਚ ਪਬਲਿਕ ਸੈਕਟਰ ਦੀਆਂ ਹੜਤਾਲਾਂ ਦੇ ਖਤਮ ਹੋਣ ਤੋਂ ਬਾਅਦ ਵਿਦਿਅਕ ਸੇਵਾਵਾਂ ਵਿੱਚ ਮੁੜ ਉਭਾਰ ਆਉਣ ਕਰਕੇ ਦਰਜ ਹੋਇਆ ਸੀ।

ਬੀਐਮਓ ਦੇ ਅਰਥਸ਼ਾਸਤਰੀ, ਬੈਂਜਾਮਿਨ ਰੀਟਜ਼ੇਸ ਦਾ ਕਹਿਣਾ ਹੈ ਕਿ 2024 ਦੀ ਸ਼ੁਰੂਆਤ 2023 ਦੀ ਸ਼ੁਰੂਆਤ ਵਰਗੀ ਲੱਗ ਰਹੀ ਹੈ ਜਦੋਂ ਪਹਿਲਾਂ ਪਹਿਲਾਂ ਆਰਥਿਕਤਾ ਵਿਚ ਤੇਜ਼ੀ ਨਜ਼ਰੀਂ ਪਈ ਪਰ ਬਾਅਦ ਵਿਚ ਧੀਮਾਪਣ ਆ ਗਿਆ।

ਉਨ੍ਹਾਂ ਕਿਹਾ ਕਿ ਆਰਥਿਕਤਾ ਦੀ ਹੌਲੀ ਗਤੀ ਬੈਂਕ ਔਫ਼ ਕੈਨੇਡਾ ਉੱਪਰ ਵਿਆਜ ਦਰ ਵਿਚ ਕਟੌਤੀਆਂ ਲਿਆਉਣ ਦਾ ਦਬਾਅ ਪੈਦਾ ਕਰ ਸਕਦੀ ਹੈ, ਹਾਲਾਂਕਿ ਬੈਂਕ ਦਾ ਫ਼ੈਸਲਾ ਮੁੱਖ ਤੌਰ ‘ਤੇ ਮਹਿੰਗਾਈ ਦਰ ਦੀ ਨਰਮਾਈ ‘ਤੇ ਨਿਰਭਰ ਕਰਦਾ ਹੈ।

ਫਰਵਰੀ ਵਿੱਚ ਆਰਥਿਕਤਾ ਵਿਚ ਵਾਧਾ ਸਰਵਿਸ ਸੈਕਟਰ ਉਦਯੋਗਾਂ ਵਿੱਚ 0.2 ਪ੍ਰਤੀਸ਼ਤ ਦੇ ਵਾਧੇ ਅਤੇ ਆਵਾਜਾਈ ਤੇ ਵੇਅਰਹਾਊਸਿੰਗ ਵਿੱਚ ਉਭਾਰ ਕਰਕੇ ਹੋਇਆ।

ਆਵਾਜਾਈ ਤੇ ਵੇਅਰਹਾਊਸਿੰਗ ਵਿੱਚ 1.4% ਦਾ ਵਾਧਾ ਦਰਜ ਹੋਇਆ ਜੋਕਿ ਜਨਵਰੀ 2023 ਤੋਂ ਬਾਅਦ ਦਾ ਸਭ ਤੋਂ ਵੱਡਾ ਮਹੀਨਾਵਾਰ ਵਾਧਾ ਹੈ।

ਰੇਲ ਆਵਾਜਾਈ ਨੇ ਵੀ ਫਰਵਰੀ ਵਿੱਚ ਇਸ ਸੈਕਟਰ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਜਨਵਰੀ ਦੀ ਠੰਡ ਤੋਂ ਬਾਅਦ ਰੇਲ ਆਵਾਜਾਈ ਦੀ ਮੁੜ ਬਹਾਲੀ ਨੇ 5.5% ਦਾ ਵਾਧਾ ਦਰਜ ਕੀਤਾ।

ਅੰਤਰਰਾਸ਼ਟਰੀ ਯਾਤਰਾ ਦੀ ਮੰਗ ਵਧਣ ਕਰਕੇ ਹਵਾਈ ਆਵਾਜਾਈ 4.8 ਪ੍ਰਤੀਸ਼ਤ ਵਧੀ ਅਤੇ ਏਅਰਲਾਈਨਾਂ ਨੇ ਲੂਨਰ ਨਿਊ ਯੀਅਰ ਦੇ ਮੱਦੇਨਜ਼ਰ ਏਸ਼ੀਆ ਲਈ ਹੋਰ ਉਡਾਣਾਂ ਸ਼ੁਰੂ ਕੀਤੀਆਂ। ਇਸ ਤੋਂ ਇਲਾਵਾ ਜਨਵਰੀ ਦੀ ਗਿਰਾਵਟ ਨੂੰ ਪੂਰਾ ਕਰਦੇ ਹੋਏ ਪਾਈਪਲਾਈਨ ਟ੍ਰਾਂਸਪੋਰਟੇਸ਼ਨ ਵਿਚ 1.6 ਪ੍ਰਤੀਸ਼ਤ ਵਾਧਾ ਹੋਇਆ।

ਸਟੈਟਿਸਟਿਕਸ ਕੈਨੇਡਾ ਅਨੁਸਾਰ, ਵਸਤੂ ਉਤਪਾਦਨ ਉਦਯੋਗਾਂ ਵਿਚ ਮੋਟੇ ਤੌਰ ‘ਤੇ ਬਹੁਤ ਬਦਲਾਅ ਨਹੀਂ ਹੋਇਆ। ਮਾਈਨਿੰਗ ਅਤੇ ਤੇਲ ਤੇ ਗੈਸ ਦੀ ਖੁਦਾਈ ਵਾਲੇ ਸੈਕਟਰ ਵਿਚ ਵਾਧਾ ਹੋਇਆ, ਪਰ ਨਿਰਮਾਣ ਸੈਕਟਰ ਸੁੰਘੜਿਆ।

ਪਬਲਿਕ ਸੈਕਟਰ ਵਿਚ ਵਿਕਾਸ ਦਰ ਧੀਮੀ ਹੋਈ। ਜਨਵਰੀ ਵਿਚ 1.9% ਦੇ ਵਾਧੇ ਤੋਂ ਬਾਅਦ ਫ਼ਰਵਰੀ ਵਿਚ ਇਹ 0.2% ‘ਤੇ ਆ ਗਈ।

ਸਮੁੱਚੇ ਤੌਰ ‘ਤੇ 20 ਸੈਕਟਰਾਂ ਚੋਂ 12 ਵਿਚ ਵਾਧਾ ਦਰਜ ਹੋਇਆ।

ਜੈਨਾ ਬੈਂਚੈਟਰਿਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ