1. ਮੁੱਖ ਪੰਨਾ
  2. ਸਮਾਜ
  3. ਸਿੱਖਿਆ

ਮੈਕਗਿਲ ਯੂਨੀਵਰਸਿਟੀ ਨੇ ਕੈਂਪਸ ਚੋਂ ਫ਼ਲਸਤੀਨ ਸਮਰਥਕਾਂ ਦੇ ਲੱਗੇ ਡੇਰੇ ਹਟਾਉਣ ਲਈ ਪੁਲਿਸ ਦੀ ਮਦਦ ਮੰਗੀ

ਪੁਲਿਸ ਅਨੁਸਾਰ ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਡੇਰੇ ਵਿਚ ਕੋਈ ਅਪਰਾਧ ਨਹੀਂ ਕੀਤਾ ਜਾ ਰਿਹਾ ਹੈ

ਫ਼ਲਸਤੀਨ ਪੱਖੀ ਪ੍ਰਦਰਸ਼ਨਕਾਰੀ ਸ਼ਨੀਵਾਰ ਤੋਂ ਮੈਕਗਿਲ ਯੂਨੀਵਰਸਿਟੀ ਦੇ ਲੋਅਰ ਫੀਲਡ ਵਿਚ ਡੇਰੇ ਲਾਈ ਬੈਠੇ ਹਨ।

ਫ਼ਲਸਤੀਨ ਪੱਖੀ ਪ੍ਰਦਰਸ਼ਨਕਾਰੀ ਸ਼ਨੀਵਾਰ ਤੋਂ ਮੈਕਗਿਲ ਯੂਨੀਵਰਸਿਟੀ ਦੇ ਲੋਅਰ ਫੀਲਡ ਵਿਚ ਡੇਰੇ ਲਾਈ ਬੈਠੇ ਹਨ।

ਤਸਵੀਰ: (Rowan Kennedy/CBC)

RCI

ਮੈਕਗਿਲ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਫ਼ਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਵੱਲੋਂ ਯੂਨੀਵਰਸਿਟੀ ਦੇ ਡਾਊਨਟਾਊਨ ਮੌਂਟਰੀਅਲ ਕੈਂਪਸ ਵਿੱਚ ਲਾਏ ਆਪਣੇ ਡੇਰੇ ਨੂੰ ਹਟਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਪੁਲਿਸ ਸਹਾਇਤਾ ਦੀ ਮੰਗ ਕੀਤੀ ਹੈ।

ਮੈਕਗਿਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੰਗਲਵਾਰ ਨੂੰ ਭੇਜੇ ਗਏ ਇੱਕ ਬਿਆਨ ਵਿੱਚ, ਮੈਕਗਿਲ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਦੀਪ ਸੈਣੀ ਨੇ ਕਿਹਾ ਕਿ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨਾਲ ਇੱਕ ਹੱਲ 'ਤੇ ਪਹੁੰਚਣ ਵਿੱਚ ਅਸਫਲ ਹੋਣ ਤੋਂ ਬਾਅਦ ਯੂਨੀਵਰਸਿਟੀ ਪੁਲਿਸ ਦਾ ਸਹਾਰਾ ਲੈ ਰਹੀ ਹੈ।

ਬਿਆਨ ਅਨੁਸਾਰ, ਕੈਂਪਸ ਦੀ ਸੰਪਤੀ 'ਤੇ ਲੱਗੇ ਡੇਰੇ ਸੁਰੱਖਿਅਤ ਮਾਪਦੰਡਾਂ ਤੋਂ ਬਾਹਰ ਹਨ, ਖ਼ਾਸ ਤੌਰ 'ਤੇ ਜਦੋਂ ਉਹਨਾਂ ਦੀ ਮਿਆਦ ਅਣਮਿੱਥੇ ਸਮੇਂ ਦੀ ਹੈ, ਅਤੇ ਜਿੱਥੇ ਬਹੁਤ ਸਾਰੇ ਭਾਗੀਦਾਰ ਸਾਡੇ ਯੂਨੀਵਰਸਿਟੀ ਭਾਈਚਾਰੇ ਦੇ ਮੈਂਬਰ ਨਹੀਂ ਹਨ

ਲੰਘੇ ਸ਼ਨੀਵਾਰ ਤੋਂ ਪ੍ਰਦਰਸ਼ਨਕਾਰੀਆਂ ਨੇ ਮੈਕਗਿਲ ਯੂਨੀਵਰਸਿਟੀ ਵਿਚ ਡੇਰੇ ਲਾਏ ਹੋਏ ਨੇ ਅਤੇ ਸੋਮਵਾਰ ਨੂੰ ਸ਼ਾਮੀਂ 4 ਵਜੇ ਯੂਨਿਵਰਸਿਟੀ ਦੇ ਸਿਕਿਓਰਟੀ ਸਟਾਫ਼ ਵੱਲੋਂ ਅੰਤਿਮ ਚਿਤਾਵਨੀ ਦਿੱਤੀ ਗਈ ਸੀ।

ਦੀਪ ਸੈਣੀ ਨੇ ਕਿਹਾ ਕਿ ਯੂਨੀਵਰਸਿਟੀ ਡੇਰੇ ਲੱਗਣ ਦੇ ਪਹਿਲੇ ਦਿਨ ਤੋਂ ਹੀ ਪੁਲਿਸ ਦੇ ਸੰਪਰਕ ਵਿਚ ਹੈ।

ਸੈਣੀ ਨੇ ਕਿਹਾ, ਪੁਲਿਸ ਅਥੌਰਟੀ ਕੋਲ ਪਹੁੰਚ ਕਰਨੀ ਕਿਸੇ ਵੀ ਯੂਨੀਵਰਸਿਟੀ ਪ੍ਰੈਜ਼ੀਡੈਂਟ ਲਈ ਇੱਕ ਮੁਸ਼ਕਿਲ ਫ਼ੈਸਲਾ ਹੁੰਦਾ ਹੈ। ਇਹ ਅਜਿਹਾ ਫ਼ੈਸਲਾ ਨਹੀਂ ਹੈ ਜੋ ਮੈਂ ਹਲਕੇ ਵਿਚ ਜਾਂ ਜਲਦਬਾਜ਼ੀ ਵਿਚ ਲਿਆ ਹੋਵੇ। ਪਰ ਮੌਜੂਦਾ ਹਾਲਾਤ ਵਿਚ ਮੈਂ ਇਸਨੂੰ ਜ਼ਰੂਰੀ ਸਮਝਿਆ

ਮੈਕਗਿਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਗੈਬਰੀਅਲ ਮੈਡਵੇਡੋਵਸਕੀ ਅਤੇ ਰੈਹਾਨਾ ਅਡੀਰਾ ਦੀ ਨੁਮਾਇੰਦਗੀ ਕਰਦੇ ਵਕੀਲ, ਨੀਲ ਓਬਰਮੈਨ ਮੰਗਲਵਾਰ ਦੁਪਹਿਰ ਨੂੰ ਜੱਜ ਕੋਲੋਂ ਇਹਨਾਂ ਡੇਰਿਆਂ ਨੂੰ ਹਟਵਾਉਣ ਸਬੰਧੀ ਇੱਕ ਆਰਜ਼ੀ ਹੁਕਮ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ।

ਮੌਂਟਰੀਅਲ ਦੀ ਅਦਾਲਤ ਵਿਚ ਦੁਪਹਿਰ 2 ਵਜੇ ਅਦਾਲਤੀ ਫ਼ਰਮਾਨ ਦੀ ਅਰਜ਼ੀ ਦਾਇਰ ਕੀਤੀ ਜਾਵੇਗੀ, ਜੋ ਕੈਂਪਸ ਵਿਚ ਪ੍ਰਦਰਸ਼ਨ ਕਰ ਰਹੇ ਸਮੂਹਾਂ ਨੂੰ ਟਾਰਗੇਟ ਕਰੇਗੀ। 

ਅਦਾਲਤ ਵਿਚ ਮੁੱਦਈ 5 ਫ਼ਲਸਤੀਨ ਸਮੂਹਾਂ ਨੂੰ ਮੈਕਗਿਲ ਦੀਆਂ 154 ਇਮਾਰਤਾਂ ਦੇ 100 ਮੀਟਰ ਦੇ ਦਾਇਰੇ ਵਿਚ ਪ੍ਰਦਰਸ਼ਨ ਕਰਨ ਤੋਂ ਰੋਕਣ ਦੀ ਮੰਗ ਕਰ ਰਹੇ ਹਨ। ਦਸਤਾਵੇਜ਼ਾਂ ਵਿਚ ਸੌਲੀਡੈਰਿਟੀ ਫ਼ੌਰ ਪੈਲਸਟੀਨੀਅਨ ਹਿਊਮਨ ਰਾਈਟਸ ਮੈਕਗਿਲ, ਸੌਲਿਡੈਰਿਟੀ ਫ਼ੌਰ ਪੈਲਸਟੀਨੀਅਨ ਹਿਊਮਨ ਰਾਈਟਸ ਕਨਕੋਰਡੀਆ, ਮੌਂਟਰੀਅਲ4ਪੈਲਸਟੀਨ, ਪੈਲਸਟੀਨੀਅਨ ਯੂਥ ਮੂਵਮੈਂਟ ਅਤੇ ਅਲਾਇੰਸ4ਪੈਲਸਟੀਨ ਵਿਰੁੱਧ ਜਾਣਬੁੱਝ ਕੇ ਗੁਮਨਾਮੀ ਦੀ ਆੜ ਵਿਚ ਵਿਰੋਧੀ ਗਤੀਵਿਧੀਆਂ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ।

ਮੁੱਦਈਆਂ ਨੇ ਦੋਸ਼ ਲਗਾਇਆ ਹੈ ਕਿ ਫ਼ਲਸਤੀਨ ਪੱਖੀ ਸਮੂਹਾਂ ਨੇ ਕੈਂਪਸ ਵਿੱਚ ਨਫ਼ਰਤ ਦਾ ਮਾਹੌਲ ਬਣਾਇਆ ਹੈ, ਜੋ ਉਹਨਾਂ ਅਨੁਸਾਰ, ਉਹਨਾਂ ਦਾ ਕਲਾਸਾਂ ਅਤੇ ਇਮਤਿਹਾਨਾਂ ਵਿੱਚ ਸ਼ਾਮਲ ਹੋਣਾ ਅਸੁਵਿਧਾਜਨਕ ਬਣਾ ਰਿਹਾ ਹੈ। ਉਹ ਇਹ ਵੀ ਦੋਸ਼ ਲਗਾਉਂਦੇ ਹਨ ਕਿ ਉਨ੍ਹਾਂ ਨੂੰ ਬਚਾਓ ਪੱਖ ਤੋਂ ਪਰੇਸ਼ਾਨੀ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਅਦਾਲਤੀ ਹੁਕਮ ਦੀ ਬੇਨਤੀ ਅਜੇ ਦਾਇਰ ਨਹੀਂ ਕੀਤੀ ਗਈ ਹੈ ਅਤੇ ਅਦਾਲਤ ਵਿੱਚ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ ਹੈ।

ਮੰਗਲਵਾਰ ਸਵੇਰੇ, ਮੌਂਟਰੀਅਲ ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਡੇਰੇ ਵਿੱਚ ਕੋਈ ਅਪਰਾਧ ਨਹੀਂ ਕੀਤਾ ਜਾ ਰਿਹਾ ਹੈ ਅਤੇ ਇਹ ਸਥਿਤੀ ਇੱਕ ਸਿਵਿਲ ਮਾਮਲਾ ਹੈ। ਬੁਲਾਰੇ ਨੇ ਕਿਹਾ ਕਿ ਅਧਿਕਾਰੀ ਪ੍ਰਦਰਸ਼ਨ ਦੀ ਨਿਗਰਾਨੀ ਜਾਰੀ ਰੱਖਣਗੇ ਅਤੇ ਜੇਕਰ ਅਦਾਲਤੀ ਹੁਕਮ ਮਨਜ਼ੂਰ ਹੁੰਦਾ ਹੈ ਤਾਂ ਉਹ ਅਦਾਲਤ ਦੇ ਹੁਕਮ ਨੂੰ ਲਾਗੂ ਕਰਨ ਲਈ ਤਿਆਰ ਹਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ