1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਫ਼ੈਡਰਲ ਸਰਕਾਰ ਦੇ ਮੁਲਾਜ਼ਮ ਇਸ ਫ਼ੌਲ ਸੀਜ਼ਨ ਤੋਂ ਹਫ਼ਤੇ ਵਿਚ 3 ਦਿਨ ਦਫ਼ਤਰੋਂ ਕੰਮ ਕਰਨਗੇ

ਯੂਨੀਅਨਾਂ ਦਾ ਕਹਿਣਾ ਹੈ ਕਿ ਇਹ ਖ਼ਬਰ ਬਿਨਾਂ ਕਿਸੇ ਮਸ਼ਵਰੇ ਜਾਂ ਚਿਤਾਵਨੀ ਤੋਂ ਬਾਅਦ ਆਈ ਹੈ

ਫੈਡਰਲ ਸਰਕਾਰ ਦੇ ਇੱਕ ਸੂਤਰ ਨੇ ਰੇਡੀਓ-ਕੈਨੇਡਾ ਨੂੰ ਪੁਸ਼ਟੀ ਕੀਤੀ ਕਿ ਫੈਡਰਲ ਸਰਕਾਰ ਦੇ ਮੁਲਾਜ਼ਮ ਸਤੰਬਰ ਤੱਕ ਹਫ਼ਤੇ ਵਿੱਚ ਤਿੰਨ ਦਿਨ ਮੁੜ ਦਫ਼ਤਰੋਂ ਕੰਮ ਸ਼ੁਰੂ ਕਰ ਸਕਦੇ ਹਨ।

ਫੈਡਰਲ ਸਰਕਾਰ ਦੇ ਇੱਕ ਸੂਤਰ ਨੇ ਰੇਡੀਓ-ਕੈਨੇਡਾ ਨੂੰ ਪੁਸ਼ਟੀ ਕੀਤੀ ਕਿ ਫੈਡਰਲ ਸਰਕਾਰ ਦੇ ਮੁਲਾਜ਼ਮ ਸਤੰਬਰ ਤੱਕ ਹਫ਼ਤੇ ਵਿੱਚ ਤਿੰਨ ਦਿਨ ਮੁੜ ਦਫ਼ਤਰੋਂ ਕੰਮ ਸ਼ੁਰੂ ਕਰ ਸਕਦੇ ਹਨ।

ਤਸਵੀਰ: (Stu Mills/CBC)

RCI

ਫ਼ੈਡਰਲ ਸਰਕਾਰ ਇਸ ਸਾਲ ਦੇ ਅਖ਼ੀਰ ਜਿਹੇ ਵਿੱਚ ਸਰਕਾਰੀ ਮੁਲਾਜ਼ਮਾਂ ਕੋਲੋਂ ਹਫ਼ਤੇ ਵਿੱਚ ਤਿੰਨ ਦਿਨ ਦਫ਼ਤਰ ਆਕੇ ਕੰਮ ਕਰਨ ਦੀ ਉਮੀਦ ਕਰੇਗੀ।

ਫ਼ੈਡਰਲ ਸਰਕਾਰ ਦੇ ਇੱਕ ਸੂਤਰ, ਜੋ ਇਸ ਮਾਮਲੇ ਬਾਰੇ ਜਨਤਕ ਤੌਰ 'ਤੇ ਬੋਲਣ ਲਈ ਅਧਿਕਾਰਤ ਨਹੀਂ ਹੈ, ਨੇ ਰੇਡੀਓ-ਕੈਨੇਡਾ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸੋਮਵਾਰ ਨੂੰ ਫ਼੍ਰੈਂਚ ਭਾਸ਼ਾ ਦੇ ਅਖ਼ਬਾਰ Le Droit ਨੇ ਸਭ ਤੋਂ ਪਹਿਲਾਂ ਇਹ ਖ਼ਬਰ ਛਾਪੀ ਸੀ।

ਸੂਤਰ ਅਨੁਸਾਰ ਨੀਤੀ ਵਿਚ ਇਹ ਤਬਦੀਲੀ ਸਤੰਬਰ ਵਿੱਚ ਲਾਗੂ ਹੋਣ ਵਾਲੀ ਹੈ, ਪਰ ਨਾਲ ਇਹ ਵੀ ਕਿਹਾ ਕਿ ਇਸ ਵਿੱਚ ਬਦਲਾਅ ਹੋ ਸਕਦਾ ਹੈ।

ਇਹ ਖ਼ਬਰ ਹਫ਼ਤੇ ਵਿੱਚ ਦੋ ਵਾਰ ਦਫ਼ਤਰੋਂ ਕੰਮ ਕਰਨ ਵਾਲੇ ਹਾਈਬ੍ਰਿਡ ਮਾਡਲ ਵਿੱਚ ਇੱਕ ਵੱਡੀ ਤਬਦੀਲੀ ਹੈ ਜਿਸ ਨੇ ਪਿਛਲੇ ਸਾਲ ਲਗਭਗ 155,000 ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ (PSAC) ਦੇ ਮੈਂਬਰਾਂ ਨੂੰ ਹੜਤਾਲ ਲਈ ਪ੍ਰੇਰਿਆ ਸੀ, ਅਤੇ ਜਿਸ ਨੂੰ ਯੂਨੀਅਨ ਨੇ ਵਰਕਰਾਂ ਦੇ ਹੱਕਾਂ ਲਈ ਇਤਿਹਾਸਕ ਪਲ ਕਿਹਾ ਸੀ।

PSAC ਨੇ ਪਿਛਲੇ ਜੂਨ ਵਿੱਚ ਇੱਕ ਬਿਆਨ ਵਿੱਚ ਕਿਹਾ ਸੀ, ਹੁਣ, ਤੁਹਾਨੂੰ ਸਰਕਾਰ ਦੁਆਰਾ ਰਿਮੋਟ ਵਰਕ ਬਾਰੇ ਮਨਮਾਨੇ ਫੈਸਲਿਆਂ ਤੋਂ ਸੁਰੱਖਿਅਤ ਰੱਖਿਆ ਜਾਵੇਗਾ

ਦਸ ਮਹੀਨਿਆਂ ਬਾਅਦ, PSAC ਅਤੇ ਪ੍ਰੋਫੈਸ਼ਨਲ ਇੰਸਟੀਟਿਊਟ ਔਫ਼ ਦ ਪਬਲਿਕ ਸਰਵਿਸ ਔਫ਼ ਕੈਨੇਡਾ (PIPSC) ਦੋਵੇਂ ਕਹਿੰਦੇ ਹਨ ਕਿ ਉਹਨਾਂ ਨੂੰ ਹਨੇਰੇ ਵਿਚ ਰੱਖਿਆ ਗਿਆ ਹੈ।

PIPSC ਦੇ ਜਨਤਕ ਮਾਮਲਿਆਂ ਦੀ ਮੁਖੀ, ਸਟੈਫ਼ਨੀ ਮੌਂਟਰੀਲ ਨੇ ਕਿਹਾ, ਇਹ ਬਿਲਕੁਲ ਹੈਰਾਨੀਜਨਕ ਹੈ

ਸਟੈਫ਼ਨੀ ਦਾ ਕਹਿਣਾ ਹੈ ਕਿ ਕੁਝ ਵਰਕਰ ਤਾਂ ਵਰਚੂਅਲ ਮੀਟਿੰਗਾਂ ਵਿਚ ਹਿੱਸਾ ਲੈਣ ਲਈ ਦਫ਼ਤਰ ਜਾ ਰਹੇ ਹਨ।

ਅਸੀਂ ਕਿਸੇ ਉਦੇਸ਼/ਕਾਰਨ ਲਈ [ਵਰਕਰਾਂ ਦੀ ਦਫ਼ਤਰ ਵਿਚ] ਮੌਜੂਦਗੀ ਹੋਣ ਦੀ ਹਿਮਾਇਤ ਕੀਤੀ ਹੈ

ਸੋਮਵਾਰ ਨੂੰ ਵੀਰਾਨ ਪਈ ਔਟਵਾ ਡਾਊਨਟਾਊਨ ਦੀ ਕੁਈਨ ਸਟ੍ਰੀਟ। ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਫ਼ੈਡਰਲ ਮੁਲਾਜ਼ਮਾਂ ਨੂੰ ਵਧੇਰੇ ਦਿਨ ਦਫ਼ਤਰੋਂ ਕੰਮ ਕਰਕੇ ਆਰਥਿਕਤਾ ਨੂੰ ਹੁਲਾਰਾ ਦੇਣ ਦੀ ਅਪੀਲ ਕੀਤੀ ਹੈ।

ਸੋਮਵਾਰ ਨੂੰ ਵੀਰਾਨ ਪਈ ਔਟਵਾ ਡਾਊਨਟਾਊਨ ਦੀ ਕੁਈਨ ਸਟ੍ਰੀਟ। ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਫ਼ੈਡਰਲ ਮੁਲਾਜ਼ਮਾਂ ਨੂੰ ਵਧੇਰੇ ਦਿਨ ਦਫ਼ਤਰੋਂ ਕੰਮ ਕਰਕੇ ਆਰਥਿਕਤਾ ਨੂੰ ਹੁਲਾਰਾ ਦੇਣ ਦੀ ਅਪੀਲ ਕੀਤੀ ਹੈ।

ਤਸਵੀਰ: CBC / Stu Mills

ਤਿੰਨ ਦਿਨ ਇੱਕ ਚੰਗੀ ਸ਼ੁਰੂਆਤ: ਫ਼ੋਰਡ

ਔਟਵਾ ਵਿਚ ਇੱਕ ਵੱਖਰੀ ਫੇਰੀ ਦੌਰਾਨ, ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਔਟਵਾ ਡਾਊਨਟਾਊਨ ਨੂੰ ਮੁੜ ਸੁਰਜੀਤ ਕਰਨ ਲਈ ਫ਼ੈਡਰਲ ਮੁਲਾਜ਼ਮਾਂ ਨੂੰ ਵਧੇਰੇ ਦਿਨ ਦਫ਼ਤਰ ਆਕੇ ਕੰਮ ਕਰਨ ਦੀ ਮੰਗ ਦੁਹਰਾਈ।

ਉਨ੍ਹਾਂ ਕਿਹਾ ਕਿ ਤਿੰਨ ਦਿਨ ਇੱਕ ਚੰਗੀ ਸ਼ੁਰੂਆਤ ਹੈ। 

ਜਦੋਂ ਤੁਸੀਂ ਇੱਥੇ ਆਉਂਦੇ ਹੋ, ਦੁਪਹਿਰ ਦੇ ਖਾਣੇ ਲਈ ਬਾਹਰ ਜਾਂਦੇ ਹੋ, ਹੋ ਸਕਦਾ ਹੈ ਕਿ ਕਿਸੇ ਸਟੋਰ ਵਿੱਚ ਜਾਓ, ਕੁਝ ਖ਼ਰੀਦੋ, ਮੌਲ ਵਿੱਚ ਜਾਓ - ਇਹ ਉਹ ਚੀਜ਼ ਹੈ ਜੋ ਸਾਨੂੰ ਚਾਹੀਦੀ ਹੈ, ਇਹ ਚੀਜ਼ ਅਰਥਵਿਵਸਥਾ ਨੂੰ ਉਤੇਜਿਤ ਕਰਦੀ ਹੈ

ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਨੇ ਖ਼ਬਰ 'ਤੇ ਕੋਈ ਟਿੱਪਣੀ ਨਹੀਂ ਕੀਤੀ।

ਪਰ ਲੋਕ ਸੇਵਾਵਾਂ ਅਤੇ ਖਰੀਦ ਮੰਤਰੀ ਯੌਂ ਈਵ-ਡਿਉਕਲੋ ਨੇ ਕਿਹਾ ਕਿ ਵਿਅਕਤੀਗਤ ਮੰਤਰਾਲੇ ਇਸ ਬਾਰੇ ਅੰਤਮ ਫ਼ੈਸਲਾ ਲੈਣਗੇ ਕਿ ਵਰਕਰਜ਼ ਦਫਤਰ ਵਿੱਚ ਕਿਵੇਂ ਪਰਤਦੇ ਹਨ।

ਨਾ ਤਾਂ PISPC ਅਤੇ ਨਾ ਹੀ PSAC ਨੇ ਇਸ ਬਾਰੇ ਕਿਆਸ ਲਗਾਏ ਕਿ ਦੋ ਵਿਸ਼ਾਲ ਯੂਨੀਅਨਾਂ ਦੇ ਮੈਂਬਰ ਇਨ੍ਹਾਂ ਖ਼ਬਰਾਂ 'ਤੇ ਕਿਵੇਂ ਪ੍ਰਤੀਕਿਰਿਆ ਦੇਣਗੇ।

ਡਾਊਨਟਾਊਨ ਔਟਵਾ ਜਾਣ ਵਾਲੀ ਸਰਕਾਰੀ ਮੁਲਾਜ਼ਮ ਟੈਨਿਸ ਲੇਬੈਲ ਤੀਜੇ ਦਿਨ ਦਫ਼ਤਰ ਵਾਪਸ ਜਾਣ ਦੇ ਵਿਚਾਰ 'ਤੇ ਉਤਸੁਕ ਨਹੀਂ ਹਨ।

ਉਨ੍ਹਾਂ ਕਿਹਾ, ਇਹ ਮੇਰੇ ਕੰਮ ਦੇ ਦਿਨ ਨੂੰ ਵਧਾਉਂਦਾ ਹੈ, ਇਹ ਮੇਰੇ ਤੋਂ ਮੇਰਾ ਪਰਿਵਾਰਕ ਸਮਾਂ ਖੋਹ ਰਿਹਾ ਹੈ - ਮੇਰੇ ਖ਼ਿਆਲ ਵਿਚ ਇਹ ਸਮੇਂ ਦੀ ਬਰਬਾਦੀ ਹੈ

2024 ਦੇ ਫੈਡਰਲ ਬਜਟ ਵਿਚ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਉਰਮੈਂਟ ਕੈਨੇਡਾ ਦੇ ਦਫ਼ਤਰੀ ਪੋਰਟਫੋਲੀਓ ਨੂੰ ਅੱਧਾ ਕਰਨ ਲਈ 10-ਸਾਲ ਦਾ ਟੀਚਾ (ਨਵੀਂ ਵਿੰਡੋ) ਨਿਰਧਾਰਤ ਕੀਤਾ ਗਿਆ ਹੈ।

ਫੈਡਰਲ ਸਰਕਾਰ ਦੇ ਦਫਤਰੀ ਸਪੇਸ ਦੀ ਸੰਭਾਵੀ ਕਟੌਤੀ ਅਤੇ ਕੰਮ ਦੇ ਹਾਈਬ੍ਰਿਡ ਮਾਡਲ ਨੂੰ ਖ਼ਤਮ ਕਰਨ ਲਈ ਕੋਈ ਪੱਕੀ ਯੋਜਨਾ ਨਾ ਹੋਣ ਕਰਕੇ, ਬਹੁਤ ਸਾਰੇ ਪਬਲਿਕ ਸਰਵੈਂਟਸ ਨਾ ਸਿਰਫ ਇਹ ਸਵਾਲ ਕਰ ਰਹੇ ਹਨ ਕਿ ਉਹ ਦਫਤਰ ਕਦੋਂ ਵਾਪਸ ਆਉਣਗੇ, ਬਲਕਿ ਉਨ੍ਹਾਂ ਦੇ ਮਨ ਵਿਚ ਇਹ ਸਵਾਲ ਵੀ ਹੈੀ ਕਿ ਦਫ਼ਤਰ ਵਾਪਸੀ ਕਿਵੇਂ ਅਤੇ ਕਿੱਥੇ ਹੋਣੀ ਹੈ।

ਸਟੂ ਮਿਲਜ਼ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ