1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਬੈਂਕ ਔਫ਼ ਕੈਨੇਡਾ ਦੇ ਗਵਰਨਰ ਨੇ ਐਮਪੀਜ਼ ਨੂੰ ਕਿਹਾ, ‘ਅਸੀਂ ਵਿਆਜ ਦਰਾਂ ’ਚ ਕਟੌਤੀ ਦੇ ਨੇੜੇ ਆ ਰਹੇ ਹਾਂ’

ਮਹਿੰਗਾਈ ਦੇ ਹੇਠਾਂ ਆਉਣ ਦੇ ਸੰਕੇਤ

ਬੈਂਕ ਔਫ਼ ਕੈਨੇਡਾ ਦੇ ਗਵਰਨਰ ਵੀਰਵਾਰ ਨੂੰ ਹਾਊਸ ਔਫ਼ ਕੌਮਨਜ਼ ਦੀ ਵਿੱਤ ਕਮੇਟੀ ਅੱਗੇ ਪੇਸ਼ ਹੋਏ।

ਬੈਂਕ ਔਫ਼ ਕੈਨੇਡਾ ਦੇ ਗਵਰਨਰ ਵੀਰਵਾਰ ਨੂੰ ਹਾਊਸ ਔਫ਼ ਕੌਮਨਜ਼ ਦੀ ਵਿੱਤ ਕਮੇਟੀ ਅੱਗੇ ਪੇਸ਼ ਹੋਏ।

ਤਸਵੀਰ: (Sean Kilpatrick/Canadian Press)

RCI

ਬੈਂਕ ਔਫ਼ ਕੈਨੇਡਾ ਦੇ ਗਵਰਨਰ, ਟਿਫ਼ ਮੈਕਲਮ ਨੇ ਵੀਰਵਾਰ ਨੂੰ ਐਮਪੀਜ਼ ਨੂੰ ਦੱਸਿਆ ਕਿ ਬੈਂਕ ਔਫ਼ ਕੈਨੇਡਾ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੇ ਨੇੜੇ ਆ ਰਿਹਾ ਹੈ ਕਿਉਂਕਿ ਮਹਿੰਗਾਈ ਦੇ ਹੇਠਾਂ ਆਉਣ ਅਤੇ ਹੇਠਾਂ ਬਣੇ ਰਹਿਣ ਦੇ ਸੰਕੇਤ ਮਿਲ ਰਹੇ ਹਨ।

ਮੈਕਲਮ ਨੇ ਹਾਊਸ ਔਫ਼ ਕਾਮਨਜ਼ ਦੀ ਵਿੱਤ ਕਮੇਟੀ ਅੱਗੇ ਕਿਹਾ, ਅਸੀਂ ਮਹਿੰਗਾਈ ਹੇਠਾਂ ਵੱਲ ਆਉਣ ਦਾ ਰੁਝਾਨ ਵੇਖ ਰਹੇ ਹਾਂ। ਕੈਨੇਡੀਅਨਜ਼ ਲਈ ਸੰਦੇਸ਼ ਇਹ ਹੈ: ਅਸੀਂ ਨੇੜੇ ਆ ਰਹੇ ਹਾਂ। ਅਸੀਂ ਉਹ ਦੇਖ ਰਹੇ ਹਾਂ ਜੋ ਸਾਨੂੰ ਦੇਖਣ ਦੀ ਲੋੜ ਹੈ ਅਤੇ ਸਾਨੂੰ ਇਹ ਭਰੋਸਾ ਰੱਖਣ ਦੀ ਜ਼ਰੂਰਤ ਹੈ ਕਿ ਇਹ [ਸਿਲਸਿਲਾ] ਕਾਇਮ ਰਹੇਗਾ

ਮੈਕਲਮ ਨੇ ਕਿਹਾ ਕਿ ਆਰਥਿਕ ਵਿਕਾਸ ਰੁਕ ਗਿਆ ਹੈ (ਨਵੀਂ ਵਿੰਡੋ), ਵਸਤੂਆਂ ਦੀ ਵਾਧੂ ਸਪਲਾਈ ਹੈ, ਉਜਰਤਾਂ ਵਿੱਚ ਵਾਧਾ ਸਥਿਰ ਹੋ ਗਿਆ ਹੈ ਅਤੇ ਲੇਬਰ ਮਾਰਕੀਟ ਦੀ ਓਵਰਹੀਟਿੰਗ ਵਿਚ ਨਰਮਾਈ ਆਈ ਹੈ, ਜਿਸ ਨੇ ਕੀਮਤਾਂ ਨੂੰ ਹੇਠਾਂ ਲਿਆਉਣ ਵਿੱਚ ਮਦਦ ਕੀਤੀ ਹੈ।

ਓਵਰਹੀਟਿੰਗ ਦੇ ਹਾਲਾਤ ਉਦੋਂ ਬਣਦੇ ਹਨ ਜਦੋਂ ਆਰਥਿਕਤਾ ਵਿਚ ਉਤਪਾਦਨ ਸਮਰੱਥਾ ਮੰਗ ਦੇ ਹਿਸਾਬ ਨਾਲ ਵਧ ਨਹੀਂ ਪਾਉਂਦੀ, ਯਾਨੀ ਵਿਕਾਸ ਦਰ ਮੰਗ ਨੂੰ ਪੂਰਾ ਕਰਨ ਵਿਚ ਨਾਕਾਫ਼ੀ ਹੁੰਦੀ ਹੈ।

ਕੇਂਦਰੀ ਬੈਂਕ ਲਈ ਸੰਭਾਵਤ ਤੌਰ 'ਤੇ ਦਰਾਂ ਵਿੱਚ ਕਟੌਤੀ ਕਰਨ ਦਾ ਅਗਲਾ ਮੌਕਾ 5 ਜੂਨ ਹੈ।

ਮੈਕਲਮ ਦੀ ਟਿੱਪਣੀ ਘਰ ਦੇ ਮਾਲਕਾਂ ਅਤੇ ਘਰ ਖ਼ਰੀਦਣ ਵਾਲਿਆਂ ਲਈ ਚੰਗੀ ਖ਼ਬਰ ਹੋ ਸਕਦੀ ਹੈ ਜਿਨ੍ਹਾਂ ਨੂੰ 20-ਸਾਲ ਦੇ ਰਿਕਾਰਡ ਪੱਧਰ ਦੀਆਂ ਵਿਆਜ ਦਰਾਂ ਕਰਕੇ ਮਹਿੰਗਾਈ ਮੌਰਗੇਜਾਂ ਨਾਲ ਜੂਝਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਬੈਂਕ ਦੀ ਮੌਜੂਦਾ 5% ਦਰ ਘਰਾਂ ਦੀ ਮੰਗ 'ਤੇ ਰੋਕ ਲਗਾ ਰਹੀ ਹੈ।

ਪਰ ਬੈਂਕ ਔਫ਼ ਕੈਨੇਡਾ ਦਾ ਅਨੁਮਾਨ ਹੈ ਕਿ ਵਿਆਜ ਦਰਾਂ ਵਿਚ ਕਟੌਤੀ ਮਗਰੋਂ ਘਰਾਂ ਦੀ ਮੰਗ ਵਧੇਗੀ ਜਿਸ ਨਾਲ ਘਰਾਂ ਦੀਆਂ ਕੀਮਤਾਂ ਵੀ ਕੁਝ ਉੱਪਰ ਵੱਲ ਨੂੰ ਜਾਣਗੀਆਂ।

ਇਹ ਸਵੀਕਾਰ ਕਰਦੇ ਹੋਏ ਕਿ ਕੈਨੇਡੀਅਨਜ਼ ਅਤੇ ਅਰਥਵਿਵਸਥਾ ਦੇ ਕੁਝ ਖੇਤਰਾਂ ਜਿਵੇਂ ਕਿ ਰੀਅਲ ਅਸਟੇਟ 'ਤੇ ਉੱਚੀਆਂ ਵਿਆਜ ਦਰਾਂ ਔਖ ਦਾ ਕਾਰਨ ਬਣਦੀਆਂ ਹਨ, ਮੈਕਲਮ ਨੇ ਕਿਹਾ ਕਿ ਬੈਂਕ ਮੌਨੀਟਰੀ ਪੌਲਿਸੀ ਨੂੰ ਇਸ ਤੋਂ ਵੱਧ ਸਮੇਂ ਲਈ ਕੱਸਵਾਂ ਨਹੀਂ ਰੱਖਣਾ ਚਾਹੁੰਦਾ

ਵਿਆਜ ਦਰਾਂ 'ਤੇ ਮੈਕਲਮ ਦਾ ਮੁਕਾਬਲਤਨ ਨਰਮ ਨਜ਼ਰੀਆ, ਅਮਰੀਕੀ ਫੈਡਰਲ ਰਿਜ਼ਰਵ ਦੇ ਚੇਅਰਮੈਨ, ਜੇਰੋਮ ਪਾਵੇਲ ਤੋਂ ਕੁਝ ਵੱਖਰਾ ਹੈ।

ਅਮਰੀਕੀ ਫ਼ੈਡਰਲ ਰਿਜ਼ਰਵ ਨੇ ਬੁੱਧਵਾਰ ਨੂੰ ਵਿਆਜ ਦਰਾਂ ਨੂੰ ਸਥਿਰ ਰੱਖਿਆ ਹੈ।

ਪਾਵੇਲ ਨੇ ਕਿਹਾ, ਮਹਿੰਗਾਈ ਅਜੇ ਵੀ ਬਹੁਤ ਉੱਪਰ ਹੈ। ਇਸਨੂੰ ਹੇਠਾਂ ਲਿਆਉਣ ਵਿਚ ਪ੍ਰਗਤੀ ਯਕੀਨੀ ਨਹੀਂ ਹੈ ਅਤੇ ਅੱਗੇ ਦਾ ਰਾਹ ਅਨਿਸ਼ਚਿਤ ਹੈ

ਕੈਨੇਡੀਅਨ ਡਾਲਰ ਬਾਰੇ ਚਿੰਤਾ

ਮੈਕਲਮ ਨੇ ਕਿਹਾ ਕਿ ਅਮਰੀਕਾ ਨਾਲੋਂ ਕੈਨੇਡਾ ਵਿਚ ਮਹਿੰਗਾਈ ਦੇ ਵਧੇਰੇ ਹੇਠਾਂ ਆਉਣ ਦਾ ਇੱਕ ਕਾਰਨ ਇਹ ਹੈ ਕਿ ਕੈਨੇਡਾ ਦੀ ਆਰਥਿਕਤਾ ਅਮਰੀਕਾ ਨਾਲੋਂ ਕਮਜ਼ੋਰ ਰਹੀ ਹੈ।

ਮੈਕਲਮ ਨੇ ਕਿਹਾ ਕਿ ਅਮਰੀਕਾ ਦੇ ਵਿਆਜ ਦਰਾਂ ਨੂੰ ਬਰਕਰਾਰ ਰੱਖਣ ਅਤੇ ਕੈਨੇਡਾ ਵੱਲੋਂ ਕਟੌਤੀ ਕਰਨ ਦੇ ਫ਼ੈਸਲੇ ਦਾ ਕੈਨੇਡੀਅਨ ਡਾਲਰ ‘ਤੇ ਪ੍ਰਭਾਵ ਪੈ ਸਕਦਾ ਹੈ ਪਰ ਉਨ੍ਹਾਂ ਕਿਹਾ, ਸਾਡੀ ਆਪਣੀ ਮੁਦਰਾ ਹੈ - ਅਸੀਂ ਆਪਣੀ ਖੁਦ ਦੀ ਮੁਦਰਾ ਨੀਤੀ ਚਲਾ ਸਕਦੇ ਹਾਂ

ਜੇ ਅਸੀਂ ਫੈੱਡ ਤੋਂ ਹੇਠਾਂ ਚਲੇ ਜਾਂਦੇ ਹਾਂ, ਤਾਂ ਇਹ ਕੈਨੇਡੀਅਨ ਡਾਲਰ ਨੂੰ ਕਮਜ਼ੋਰ ਕਰੇਗਾ

ਇਹ ਛੁੱਟੀਆਂ ਮਨਾਉਣ ਵਾਲਿਆਂ ਅਤੇ ਅਕਸਰ ਸਰਹੱਦ ਪਾਰ ਜਾਣ ਵਾਲੇ ਯਾਤਰੀਆਂ ਲਈ ਮੁਸ਼ਕਲ ਹੋ ਸਕਦਾ ਹੈ, ਪਰ ਇੱਕ ਕਮਜ਼ੋਰ ਕੈਨੇਡੀਅਨ ਡਾਲਰ ਕੈਨੇਡੀਅਨ ਅਰਥਚਾਰੇ ਲਈ ਵਰਦਾਨ ਵੀ ਹੋ ਸਕਦਾ ਹੈ, ਕਿਉਂਕਿ ਸਾਡੇ ਨਿਰਯਾਤ ਸਸਤੇ ਹੋ ਜਾਣਗੇ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ