1. ਮੁੱਖ ਪੰਨਾ
  2. ਵਾਤਾਵਰਨ
  3. ਪ੍ਰਦੂਸ਼ਨ

2022 ਵਿੱਚ ਕੈਨੇਡਾ ਦੀ ਗ੍ਰੀਨਹਾਉਸ ਗੈਸਾਂ ਦੀ ਨਿਕਾਸੀ ਵਧੀ

ਨਵੇਂ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਰਾਹ 'ਤੇ ਹੈ: ਵਾਤਾਵਰਣ ਮੰਤਰੀ

ਵਾਤਾਵਰਣ ਮੰਤਰੀ ਸਟੀਵਨ ਗਿਲਬੌ

ਵਾਤਾਵਰਣ ਮੰਤਰੀ ਸਟੀਵਨ ਗਿਲਬੌ ਵੀਰਵਾਰ ਨੂੰ ਕਿਹਾ ਕਿ ਨਵੀਂ ਇਨਵੈਂਟਰੀ ਰਿਪੋਰਟ ਦੇ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਰਾਹ 'ਤੇ ਹੈ।

ਤਸਵੀਰ: (Sean Kilpatrick/The Canadian Press)

RCI

ਫ਼ੈਡਰਲ ਸਰਕਾਰ ਵੱਲੋਂ ਜਾਰੀ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਮਹਾਂਮਾਰੀ ਤੋਂ ਬਾਅਦ ਆਰਥਿਕ ਮੰਦੀ ਤੋਂ ਉਭਰਨ ਦੌਰਾਨ, ਸਾਲ 2022 ਵਿਚ ਕੈਨੇਡਾ ਦੀ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਵਿਚ ਵਾਧਾ ਹੋਇਆ ਹੈ।

ਨਵੀਂ ਨੈਸ਼ਨਲ ਇਨਵੈਂਟਰੀ ਰਿਪੋਰਟ ਦੇ ਅੰਕੜੇ ਦਰਸਾਉਂਦੇ ਹਨ ਕਿ 2021 ਵਿੱਚ 698 ਮੈਗਾਟਨ ਦੇ ਮੁਕਾਬਲੇ, 2022 ਵਿੱਚ ਨਿਕਾਸ 708 ਮੈਗਾਟਨ ਤੱਕ ਪਹੁੰਚ ਗਿਆ ਸੀ।

ਪਰ ਵਾਤਾਵਰਣ ਮੰਤਰੀ ਸਟੀਫਨ ਗਿਲਬੌ ਨੇ ਇੱਕ ਨਿਊਜ਼ ਕਾਨਫ਼੍ਰੰਸ ਵਿਚ ਕਿਹਾ ਕਿ 2022 ਦੇ ਅੰਕੜੇ ਇਹ ਸੰਕੇਤ ਹਨ ਕਿ ਸਰਕਾਰ ਦੀਆਂ ਕਲਾਈਮੇਟ ਨੀਤੀਆਂ ਕੰਮ ਕਰ ਰਹੀਆਂ ਹਨ ਅਤੇ ਮਹਾਂਮਾਰੀ ਦੇ ਸਾਲਾਂ ਨੂੰ ਛੱਡ ਕੇ ਨਿਕਾਸੀ 25 ਸਾਲ ਵਿਚ ਸਭ ਤੋਂ ਹੇਠਾਂ ਦਰਜ ਹੋਈ ਹੈ।

ਸਾਲਾਨਾ ਰਿਪੋਰਟ ਸੰਯੁਕਤ ਰਾਸ਼ਟਰ ਨੂੰ ਸੌਂਪੀ ਜਾਂਦੀ ਹੈ ਅਤੇ ਨਿਕਾਸੀ ਘਟਾਉਣ ਦੀ ਯੋਜਨਾ ‘ਤੇ ਕੈਨੇਡਾ ਦੀ ਪ੍ਰਗਤੀ ਦਾ ਵੇਰਵਾ ਦਿੰਦੀ ਹੈ।

2019 ਵਿਚ ਕੈਨੇਡਾ ਵਿੱਚ 752 ਮੈਗਾਟਨ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਹੋਈ ਸੀ ਜੋ ਕਿ 2022 ਦੇ ਮੁਕਾਬਲੇ 44 ਮੈਗਾਟਨ ਵੱਧ ਸੀ।

ਗ੍ਰੀਨਪੀਸ ਦੇ ਬੁਲਾਰੇ ਪੈਟਰਿਕ ਬੋਨਿਨ ਨੇ ਰੇਡੀਓ-ਕੈਨੇਡਾ ਨੂੰ ਦੱਸਿਆ ਕਿ ਆਰਥਿਕ ਉਛਾਲ ਦੇ ਮੱਦੇਨਜ਼ਰ ਨਿਕਾਸ ਵਿੱਚ ਵਾਧੇ ਦੀ ਉਮੀਦ ਕੀਤੀ ਗਈ ਸੀ, ਪਰ ਚੰਗੀ ਖ਼ਬਰ ਇਹ ਹੈ ਕਿ ਇਹ ਉਮੀਦ ਨਾਲੋਂ ਘੱਟ ਹੈ

ਬੋਨਿਨ ਨੇ ਕਿਹਾ ਕਿ ਅੰਕੜੇ ਦਰਸਾਉਂਦੇ ਹਨ ਕਿ ਨਿਕਾਸੀ ਨੂੰ ਘਟਾਉਣ ਦੇ ਉਦੇਸ਼ ਨਾਲ ਬਣਾਏ ਨਿਯਮ ਪ੍ਰਭਾਵਸ਼ਾਲੀ ਰਹੇ ਹਨ।

ਉਹਨਾਂ ਕਿਹਾ ਕਿ ਮੌਜੂਦਾ ਜਲਵਾਯੂ ਯੋਜਨਾ ਵਿੱਚ ਕਮੀ ਤੇਲ ਅਤੇ ਗੈਸ ਸੈਕਟਰ ਤੋਂ ਨਿਕਾਸ ‘ਤੇ ਇੱਕ ਸੀਮਾ ਨਾ ਲਗਾਉਣਾ ਹੈ। ਪਿਛਲੇ ਦਸੰਬਰ ਵਿੱਚ, ਲਿਬਰਲ ਸਰਕਾਰ ਨੇ ਤੇਲ ਅਤੇ ਗੈਸ ਉਦਯੋਗ ਤੋਂ ਨਿਕਾਸ ਨੂੰ ਸੀਮਤ ਕਰਨ ਲਈ ਵਚਨਬੱਧਤਾ ਪ੍ਰਗਟਾਈ ਸੀ, ਪਰ ਉਹ ਵੀ 2026 ਤੋਂ ਪਹਿਲਾਂ ਨਹੀਂ।

ਤੇਲ ਅਤੇ ਗੈਸ ਸੈਕਟਰ 2022 ਵਿੱਚ ਨਿਕਾਸ ਦਾ ਸਭ ਤੋਂ ਵੱਡਾ ਸਰੋਤ ਰਿਹਾ।

2022 ਵਿੱਚ ਤੇਲ ਅਤੇ ਗੈਸ ਸੈਕਟਰ ਨਿਕਾਸ ਦਾ ਸਭ ਤੋਂ ਵੱਡਾ ਸਰੋਤ ਰਿਹਾ।

ਤਸਵੀਰ: (Jeff McIntosh/The Canadian Press)

ਯੋਜਨਾ ਦੇ ਅਤਿਰਿਕਤ ਵੇਰਵੇ, ਅਤੇ ਇਸਦੀ ਸਹੀ ਸਮਾਂ-ਸਾਰਣੀ, ਆਉਣ ਵਾਲੇ ਮਹੀਨਿਆਂ ਵਿੱਚ ਆਉਦ ਦੀ ਉਮੀਦ ਹੈ।

2022 ਵਿੱਚ ਤੇਲ ਅਤੇ ਗੈਸ ਖੇਤਰ ਇੱਕ ਵਾਰ ਫਿਰ ਕੈਨੇਡਾ ਵਿੱਚ ਨਿਕਾਸ ਦਾ ਸਭ ਤੋਂ ਵੱਡਾ ਸਰੋਤ ਰਿਹਾ, ਜੋ ਕਿ 30 ਪ੍ਰਤੀਸ਼ਤ ਤੋਂ ਵੀ ਥੋੜ੍ਹਾ ਵੱਧ ਹੈ। ਆਵਾਜਾਈ ਖੇਤਰ ਨਾਲ ਸਬੰਧਤ ਨਿਕਾਸ ਦੂਜੇ ਨੰਬਰ 'ਤੇ ਰਿਹਾ।

ਲਿਬਰਲ ਸਰਕਾਰ ਨੇ 2030 ਤੱਕ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ 2005 ਦੇ ਪੱਧਰ ਤੋਂ 40 ਫ਼ੀਸਦੀ ਘੱਟ ਦੇ ਪੱਧਰ ਤੱਕ ਲਿਆਉਣ ਦਾ ਟੀਚਾ ਮਿੱਥਿਆ ਹੈ।

ਇਹ ਯੋਜਨਾ 2026 ਤੱਕ 2005 ਦੇ ਪੱਧਰ ਤੋਂ ਨਿਕਾਸੀ ਵਿੱਚ 20 ਪ੍ਰਤੀਸ਼ਤ (586 ਮੈਗਾਟਨ ਤੱਕ ਦੀ ਕਮੀ) ਦੀ ਮੰਗ ਕਰਦੀ ਹੈ। ਪਿਛਲੇ ਸਾਲ ਫੈਡਰਲ ਸਰਕਾਰ ਦੁਆਰਾ ਜਾਰੀ ਕੀਤੇ ਗਏ ਅਨੁਮਾਨਾਂ ਨੇ ਦਰਸਾਇਆ ਹੈ ਕਿ ਕੈਨੇਡਾ ਉਸ ਟੀਚੇ ਤੱਕ ਪਹੁੰਚਣ ਲਈ ਲੀਹ ‘ਤੇ ਸੀ।

ਲੌਰੈਂਸ ਮਾਰਟਿਨ - ਰੇਡੀਓ-ਕੈਨੇਡਾ
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ