1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰਿਓ ਲਜਿਸਲੇਚਰ ਵਿਚ ਕੈਫ਼ੀਯੇਹ ਪਹਿਨਣ ‘ਤੇ ਲੱਗੀ ਪਾਬੰਦੀ ਬਰਕਰਾਰ

ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਹ ਇਸ ਫ਼ੈਸਲੇ ਦਾ ਸਮਰਥਨ ਨਹੀਂ ਕਰਦੇ ਜੋ ਲੋਕਾਂ ਨੂੰ ਬੇਵਜ੍ਹਾ ਵੰਡਦਾ ਹੈ

ਕੈਫ਼ੀਯੇਹ ਇੱਕ ਖਾਨਿਆਂ ਵਾਲਾ ਸਕਾਰਫ਼ ਹੁੰਦਾ ਹੈ ਜੋ ਆਮ ਤੌਰ 'ਤੇ ਅਰਬ ਸਭਿਆਚਾਰਾਂ ਵਿੱਚ ਪਹਿਨਿਆ ਜਾਂਦਾ ਹੈ। ਇਹ ਸਕਾਰਫ਼ ਫ਼ਲਸਤੀਨੀ ਸਮਰਥਨ ਦਾ ਵੀ ਪ੍ਰਤੀਕ ਬਣ ਗਿਆ ਹੈ।

ਕੈਫ਼ੀਯੇਹ ਇੱਕ ਖਾਨਿਆਂ ਵਾਲਾ ਸਕਾਰਫ਼ ਹੁੰਦਾ ਹੈ ਜੋ ਆਮ ਤੌਰ 'ਤੇ ਅਰਬ ਸਭਿਆਚਾਰਾਂ ਵਿੱਚ ਪਹਿਨਿਆ ਜਾਂਦਾ ਹੈ। ਇਹ ਸਕਾਰਫ਼ ਫ਼ਲਸਤੀਨੀ ਸਮਰਥਨ ਦਾ ਵੀ ਪ੍ਰਤੀਕ ਬਣ ਗਿਆ ਹੈ।

ਤਸਵੀਰ: THE CANADIAN PRESS/AP-Tara Todras-Whitehill

RCI

ਓਨਟੇਰਿਓ ਲਜਿਸਲੇਚਰ ਦੇ ਸਪੀਕਰ ਨੇ ਆਪਣਾ ਉਹ ਫ਼ੈਸਲਾ ਬਰਕਰਾਰ ਰੱਖਿਆ ਹੈ ਜੋ ਲਜਿਸਲੇਚਰ ਦੇ ਅੰਦਰ ਲੋਕਾਂ ‘ਤੇ ਕੈਫ਼ੀਯੇਹ ਪਹਿਨਣ 'ਤੇ ਪਾਬੰਦੀ ਲਗਾਉਂਦਾ ਹੈ।

ਭਾਵੇਂ ਕਿ ਪ੍ਰੀਮੀਅਰ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਸ ਫ਼ੈਸਲੇ ਨੂੰ ਉਲਟਾਉਣ ਲਈ ਆਖਿਆ ਸੀ, ਪਰ ਸਪੀਕਰ ਦਾ ਮੰਨਣਾ ਹੈ ਕਿ ਕੈਫ਼ੀਯੇਹ ਰਾਜਨੀਤਿਕ ਸੰਦੇਸ਼ ਲਈ ਪਹਿਨਿਆ ਜਾ ਰਿਹਾ ਹੈ।

ਲਜਿਸਲੇਚਰ ਦਾ ਇੱਕ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਨਿਯਮ ਹੈ ਕਿ ਮੈਂਬਰ ਸਿਆਸੀ ਸੰਦੇਸ਼ ਨੂੰ ਪ੍ਰਗਟ ਕਰਨ ਦੇ ਇਰਾਦੇ ਵਾਲੇ ਚਿੰਨ੍ਹ, ਸੰਕੇਤ ਜਾਂ ਲਿਬਾਸ ਦੀ ਵਰਤੋਂ ਨਹੀਂ ਕਰ ਸਕਦੇ ਹਨ, ਅਤੇ ਸਪੀਕਰ ਟੈਡ ਆਰਨੌਟ ਨੇ ਕਿਹਾ ਕਿ ਵਿਸਤ੍ਰਿਤ ਖੋਜ ਤੋਂ ਬਾਅਦ ਉਹਨਾਂ ਨੇ ਸਿੱਟਾ ਕੱਢਿਆ ਹੈ ਕਿ ਕੈਫ਼ੀਯੇਹ ਉਸ ਪਰਿਭਾਸ਼ਾ ਨੂੰ ਪੂਰਾ ਕਰਦੇ ਹਨ।

ਵੀਰਵਾਰ ਨੂੰ ਪ੍ਰਸ਼ਨਕਾਲ ਦੌਰਾਨ ਸਪੀਕਰ ਨੇ ਕਿਹਾ, ਇਹ ਸਿਆਸੀ ਤੌਰ 'ਤੇ ਬਹੁਤ ਹੀ ਸੰਵੇਦਨਸ਼ੀਲ ਹੈ, ਸਪੱਸ਼ਟ ਤੌਰ 'ਤੇ, ਪਰ ਪ੍ਰਕਿਰਿਆਤਮਕ ਤੌਰ' ‘ਤੇ ਮੇਰਾ ਮੰਨਣਾ ਹੈ ਕਿ ਮੈਂ ਸਪੀਕਰਾਂ ਦੇ ਪੁਰਾਣੇ ਨਿਯਮਾਂ ਅਤੇ ਉਦਾਹਰਣਾਂ ਅਤੇ ਪਰੰਪਰਾਵਾਂ ਦੇ ਪੱਖ ਤੋਂ ਸਹੀ ਫੈਸਲਾ ਲਿਆ ਹੈ

ਮੇਰੀ ਰਾਏ ਵਿੱਚ, ਖੋਜ ਕਰਨ ਤੋਂ ਬਾਅਦ, ਇਹ ਮੈਨੂੰ ਪ੍ਰਤੀਤ ਹੋਇਆ ਕਿ ਕੈਫ਼ੀਯੇਹ ਸਿਆਸੀ ਸੰਦੇਸ਼ ਦੇਣ ਲਈ ਪਹਿਨਿਆ ਜਾ ਰਿਹਾ ਹੈ

ਕੈਫ਼ੀਯੇਹ ਚਿੱਟੇ-ਕਾਲੇ ਖਾਨਿਆਂ ਵਾਲਾ ਇੱਕ ਸਕਾਰਫ਼ ਹੁੰਦਾ ਹੈ ਜੋ ਆਮ ਤੌਰ 'ਤੇ ਅਰਬ ਸਭਿਆਚਾਰਾਂ ਵਿੱਚ ਪਹਿਨਿਆ ਜਾਂਦਾ ਹੈ ਪਰ ਫਲਸਤੀਨੀ ਲੋਕਾਂ ਲਈ ਇਸ ਦਾ ਵਿਸ਼ੇਸ਼ ਮਹੱਤਵ ਹੈ। ਇਜ਼ਰਾਈਲ-ਹਮਾਸ ਯੁੱਧ ਤੋਂ ਬਾਅਦ ਗਾਜ਼ਾ ਵਿੱਚ ਹਿੰਸਾ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੇ ਫ਼ਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਵਿੱਚ ਇਹ ਕੈਫ਼ੀਯੇਹ ਅਕਸਰ ਨਜ਼ਰ ਆਉਂਦੇ ਹਨ।

ਐਨਡੀਪੀ ਲੀਡਰ ਮੈਰਿਟ ਸਟਾਇਲਜ਼ ਨੇ ਵੀਰਵਾਰ ਸਵੇਰੇ ਇੱਕ ਸਰਬਸੰਮਤੀ ਸਹਿਮਤੀ ਮਤਾ ਪੇਸ਼ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਫਲਿਸਤੀਨੀ, ਮੁਸਲਿਮ ਅਤੇ ਅਰਬ ਭਾਈਚਾਰਿਆਂ ਵਿੱਚ ਕੈਫ਼ੀਯੇਹ ਇੱਕ ਸੱਭਿਆਚਾਰਕ ਤੌਰ 'ਤੇ ਮਹੱਤਵਪੂਰਨ ਲਿਬਾਸ ਹੈ ਅਤੇ ਇਸਨੂੰ ਹਾਊਸ ਵਿੱਚ ਆਗਿਆ ਦਿੱਤੀ ਜਾਣੀ ਚਾਹੀਦੀ ਹੈ, ਪਰ ਆਰਨੌਟ ਨੇ ਕਿਹਾ ਕਿ ਉਹਨਾਂ ਨੇ ਕੁਝ ਲੋਕਾਂ ਨੂੰ ਨਾਂ ਕਹਿੰਦੇ ਸੁਣਿਆ ਹੈ। ਇਸ ਤਰ੍ਹਾਂ ਦੇ ਪ੍ਰਸਤਾਵ ਨੂੰ ਪਾਸ ਕਰਨ ਲਈ ਸਾਰੇ ਐਮਪੀਪੀਜ਼ ਦੀ ਰਜ਼ਾਮੰਦੀ ਜ਼ਰੂਰੀ ਹੁੰਦੀ ਹੈ।

ਸਭ ਤੋਂ ਉੱਚੀ ‘ਨਾਂ’ ਪੀਸੀ ਐਮਪੀਪੀ ਰੌਬਿਨ ਮਾਰਟਿਨ ਦੀ ਸੀ। ਉਨ੍ਹਾਂ ਕਿਹਾ ਕਿ ਲਜਿਸਲੇਚਰ ਦੇ ਨਿਯਮਾਂ ਦੀ ਪਾਲਣਾ ਹੋਣੀ ਚਾਹੀਦੀ ਹੈ ਨਹੀਂ ਤਾਂ ਪੂਰੀ ਬਹਿਸ ਦਾ ਰਾਜਨੀਤੀਕਰਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਗੱਲ ਰੱਖਣ ਲਈ ਕੱਪੜਿਆਂ ਦੀ ਨਹੀਂ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਵੈਸੇ ਮਾਰਟਿਨ ਦਾ ਰੁਖ਼ ਆਪਣੇ ਲੀਡਰ ਤੋਂ ਜੁਦਾ ਹੈ। ਪ੍ਰੀਮੀਅਰ ਡਗ ਫ਼ੋਰਡ ਨੇ ਸਪੀਕਰ ਨੂੰ ਇਹ ਫ਼ੈਸਲਾ ਉਲਟਾਉਣ ਦੀ ਮੰਗ ਕੀਤੀ ਸੀ। ਫ਼ੋਰਡ ਨੇ ਕਿਹਾ ਸੀ ਕਿ ਇਹ ਫ਼ੈਸਲਾ ਭਾਈਚਾਰਿਆਂ ਵਿਚ ਬੇਵਜ੍ਹਾ ਹੋਰ ਵੰਡੀਆਂ ਪੈਦਾ ਕਰੇਗਾ। ਬੁੱਧਵਾਰ ਨੂੰ ਉਨ੍ਹਾਂ ਨੇ ਕਿਹਾ ਸੀ ਕਿ ਇਹ ਫ਼ੈਸਲਾ ਸਪੀਕਰ ਦਾ ਸੀ ਅਤੇ ਹੋਰ ਕਿਸੇ ਦਾ ਨਹੀਂ ਸੀ।

ਫ਼ੋਰਡ ਨੇ ਕਿਹਾ ਸੀ, ਮੈਂ ਉਹਨਾਂ ਦੇ ਫੈਸਲੇ ਦਾ ਸਮਰਥਨ ਨਹੀਂ ਕਰਦਾ ਕਿਉਂਕਿ ਇਹ ਸਾਡੇ ਸੂਬੇ ਦੇ ਲੋਕਾਂ ਨੂੰ ਬੇਵਜ੍ਹਾ ਵੰਡਦਾ ਹੈ। ਮੈਂ ਸਪੀਕਰ ਨੂੰ ਆਪਣੇ ਫੈਸਲੇ ਨੂੰ ਤੁਰੰਤ ਵਾਪਸ ਲੈਣ ਲਈ ਕਹਿੰਦਾ ਹਾਂ

ਬੁੱਧਵਾਰ ਰਾਤ ਨੂੰ ਓਨਟੇਰਿਓ ਲਿਬਰਲ ਲੀਡਰ ਬੌਨੀ ਕ੍ਰੌਂਬੀ ਨੇ ਵੀ ਇਸ ਪਾਬੰਦੀ ਨੂੰ ਹਟਾਉਣ ਦੀ ਮੰਗ ਕੀਤੀ ਸੀ।

ਬੌਨੀ ਨੇ ਕਿਹਾ ਸੀ, ਓਨਟੇਰਿਓ ਬਹੁਤ ਸਾਰੇ ਪਿਛੋਕੜ ਵਾਲੇ ਲੋਕਾਂ ਦੇ ਇੱਕ ਵਿਭਿੰਨ ਸਮੂਹ ਦਾ ਘਰ ਹੈ। ਇਹ ਉਹ ਸਮਾਂ ਹੈ ਜਦੋਂ ਲੀਡਰਾਂ ਨੂੰ ਸਾਨੂੰ ਹੋਰ ਵੰਡਣ ਲਈ ਨਹੀਂ ਸਗੋਂ ਲੋਕਾਂ ਨੂੰ ਇਕੱਠੇ ਕਰਨ ਦੇ ਤਰੀਕੇ ਲੱਭਣੇ ਚਾਹੀਦੇ ਹਨ। ਮੈਂ ਸਪੀਕਰ ਆਰਨੌਟ ਨੂੰ ਕੈਫ਼ੀਯੇਹ 'ਤੇ ਪਾਬੰਦੀ ਲਗਾਉਣ ਦੇ ਇਸ ਕਦਮ 'ਤੇ ਤੁਰੰਤ ਮੁੜ ਵਿਚਾਰ ਕਰਨ ਦੀ ਬੇਨਤੀ ਕਰਦੀ ਹਾਂ

ਵੀਰਵਾਰ ਨੂੰ ਕੁਈਨਜ਼ ਪਾਰਕ ਵਿੱਚ ਬੋਲਦਿਆਂ, ਸਪੀਕਰ ਆਰਨੌਟ ਨੇ ਕਿਹਾ ਕਿ ਜੇ ਸਾਰੇ ਐਮਪੀਜ਼ ਬਿਨਾਂ ਕਿੰਤੂ-ਪ੍ਰੰਤੂ ਤੋਂ ਸਹਿਮਤ ਹੁੰਦੇ ਹਨ ਤਾਂ ਉਹ ਪਾਬੰਦੀ ਦੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨਗੇ।

ਮਿਊਰੀਅਲ ਡਰਾਇਜ਼ਮਾ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ